ਅੰਮਿ੍ਰਤਸਰ, 28 ਦਸੰਬਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਲੰਗਰ ਸਮੇਤ ਹੋਰ ਸੇਵਾਵਾਂ ਲਗਾਤਾਰ ਜਾਰੀ ਰੱਖੀਆਂ ਹੋਈਆਂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਹਰਿਆਣਾ ਨਾਲ ਸਬੰਧਤ ਗੁਰਦੁਆਰਿਆਂ ਤੋਂ ਦਿੱਲੀ ਸਰਹੱਦ ’ਤੇ ਲੰਗਰਾਂ ਦੇ ਪ੍ਰਬੰਧ ਤੋਂ ਇਲਾਵਾ ਰਿਹਾਇਸ਼, ਮੈਡੀਕਲ ਸੇਵਾਵਾਂ ਅਤੇ ਪਖਾਨਿਆਂ ਆਦਿ ਦਾ ਪ੍ਰਬੰਧ ਕੀਤਾ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਸਮੇਂ-ਸਮੇਂ ਦਿੱਲੀ ਜਾ ਕੇ ਇਨ੍ਹਾਂ ਸੇਵਾਵਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਦਿੱਲੀ ਪੁੱਜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਿੰਦਰਪਾਲ ਸਿੰਘ ਰਣੀਕੇ ਨੇ ਕਿਸਾਨਾਂ ਲਈ ਕੀਤੇ ਗਏ ਵੱਖ-ਵੱਖ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਦਿਨ-ਰਾਤ ਸੇਵਾਵਾਂ ਵਿਚ ਜੁਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਰਿਹਾਇਸ਼ ਲਈ ਵਾਟਰ ਪਰੂਫ਼ ਟੈਂਟ, ਗੱਦੇ ਅਤੇ ਰਜਾਈਆਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਿੰਨ ਮੈਡੀਕਲ ਟੀਮਾਂ ਕਾਰਜਸ਼ੀਲ ਹਨ, ਜਦਕਿ ਬੀਬੀਆਂ ਲਈ ਪਖਾਨਿਆਂ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸੇ ਤਰ੍ਹਾਂ ਟਿਕਰੀ ਬਾਰਡਰ, ਸਿੰਘੂ ਬਾਰਡਰ ਅਤੇ ਅੰਬਾਲਾ ਨੇੜੇ ਲੰਗਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਵੱਡੀ ਗਿਣਤੀ ਕਰਮਚਾਰੀ ਦਿੱਲੀ ਵਿਖੇ ਤਾਇਨਾਤ ਹਨ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨ ਸੰਘਰਸ਼ ਦੌਰਾਨ ਚਲਾਣਾ ਕਰਨ ਵਾਲੇ ਕਿਸਾਨਾਂ ਲਈ ਇਕ-ਇਕ ਲੱਖ ਰੁਪਏ ਦੀ ਸਹਾਇਤਾ ਦਾ ਵੀ ਐਲਾਨ ਕੀਤਾ ਹੋਇਆ ਹੈ।
Disclaimer
This website has been developed to provide information to the public for awaring SGPC activities based on the data provided by Sikh Itihas Research Board.
Suggestions are welcome with reference to authentic historical resources and requested to mail at feedback@sgpcamritsar.org.
© 2021 - Shiromani Gurdwara Parbandhak Committee, Sri Amritsar - All Rights Reserved